Sri Guru Granth Darpan

View in HindiSearch Page
Displaying Page 1886 of 5994 from Volume 0

ਕਿਤੇ ਉਸ ਦਾ ਜ਼ਿਕਰ ਆ ਹੀ ਜਾਂਦਾ । ਸ਼ਾਇਦ ਇਹ ਤਦੋਂ ਆਇਆ ਹੋਵੇ ਜਦੋਂ ਸਤਿਗੁਰੂ ਜੀ ਕਰਤਾਰਪੁਰ ਆ
ਕੇ ਟਿਕ ਗਏ ਹੋਣ । ਇਹ ਸੰਨ ੧੫੨੧ ਈਸਵੀ ਬਣਦਾ ਹੈ, ਜਦੋਂ ਤੀਸਰੀ ਉਦਾਸੀ ਖ਼ਤਮ ਹੋਈ । ਜਿਹੜੇ
ਸ਼ਬਦ ਸਤਿਗੁਰੂ ਜੀ ਆਪਣੀਆਂ ਉਦਾਸੀਆਂ ਸਮੇ ਉਚਾਰ ਆਏ ਸਨ, ਭਾਈ ਬਖ਼ਤੇ ਨੇ ਓਹ ਕਿੱਥੋਂ ਲਿਖੇ
ਹੋਣਗੇ? ਕੀ ਸਤਿਗੁਰੂ ਜੀ ਨੇ ਓਹ ਸਾਰੇ ਜ਼ਬਾਨੀ ਯਾਦ ਰੱਖੇ ਹੋਏ ਸਨ?

ਇਤਿਹਾਸਕਾਰ ਲਿਖਦੇ ਹਨ ਕਿ ਬਾਣੀ ਓਅੰਕਾਰ ਪਹਿਲੀ ਉਦਾਸੀ ਸਮੇ ਉਚਾਰੀ ਸੀ । ਕੀ ਸਤਿਗੁਰੂ ਜੀ ਨੇ
ਭਾਈ ਬਖ਼ਤੇ ਇਹ ਬਾਣੀ ਭੀ ਜ਼ਬਾਨੀ ਹੀ ਲਿਖਾਈ ਹੋਵੇਗੀ?

ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਭਾਈ ਬਖ਼ਤਾ ਚੌਹਾਂ ਗੁਰੂ ਸਾਹਿਬਾਨ ਪਾਸ ਰਹਿ ਕੇ ਬਾਣੀ ਲਿਖਦਾ
ਰਿਹਾ । ਸਾਰੇ ਕਿਤਨੇ ਸਾਲ ਬਣੇ? ਗੁਰੂ ਰਾਮਦਾਸ ਜੀ ੧੫੮੧ ਵਿਚ ਜੋਤੀ ਜੋਤ ਸਮਾਏ । ਸੋ ੧੫੨੧ ਤੋਂ ਲੈ
ਕੇ ੧੫੮੧ ਤਕ ੬੦ ਸਾਲ ਭਾਈ ਬਖ਼ਤਾ ਗੁਰੂ-ਚਰਨਾਂ ਵਿਚ ਰਿਹਾ । ਕਿਤਨਾ ਹੀ ਭਾਗਾਂ ਵਾਲਾ ਬੰਦਾ ਸੀ!
ਪਤਾ ਨਹੀਂ ਇਤਿਹਾਸਕਾਰਾਂ ਇਸ ਗੁਰਸਿੱਖ ਤੇ ਇਸ ਦੀ ਮਿਹਨਤ ਦਾ ਕਿਉਂ ਪਤਾ ਨਾ ਲਗ ਸਕਿਆ । ਪਰ
ਅਚਰਜ ਗੱਲ ਇਹ ਹੈ ਕਿ ਚਾਰ ਗੁਰ-ਵਿਅਕਤੀਆਂ ਪਾਸ ਰਹਿ ਕੇ ਬਾਣੀ ਇਕੱਠੀ ਕਰ ਕੇ ਭਾਈ ਬਖ਼ਤਾ ਗੁਰੂ
ਅਰਜਨ ਸਾਹਿਬ ਜੀ ਦੇ ਵੇਲੇ ਆਪਣੇ ਵਤਨ ਕਿਉਂ ਤੁਰ ਗਿਆ । ਹਰੇਕ ਸਤਿਗੁਰੂ ਪਾਸੋਂ ਭਾਈ ਬਖ਼ਤਾ ਦਸਖ਼ਤ
ਕਿਉਂ ਕਰਾਉਂਦਾ ਰਿਹਾ? ਕੀ ਇਸ ਸਬੂਤ ਵਾਸਤੇ ਕਿ ਜੋ ਇਕੱਠਾ ਕੀਤਾ ਹੈ, ਇਹ ਗੁਰਬਾਣੀ ਹੈ? ਪਰ
ਗਿਆਨੀ ਜੀ ਲਿਖਦੇ ਹਨ ਕਿ ਭਾਈ ਬਖ਼ਤੇ ਵਾਲੀ ਬੀੜ ਵਿਚ ਬਾਣੀ ਐਤਨੀ ਹੈ ਜਾਣੋ ਇਸ ਗੁਰੂ ਗ੍ਰੰਥ ਸਾਹਿਬ
ਜੀ ਦਾ ਖ਼ਜ਼ਾਨਾ ਹੈ । ਅਜਬ ਹੀ ਗੱਲ ਹੈ! ਜੇ ਭਾਈ ਬਖ਼ਤਾ ਹਰੇਕ ਗੁਰੂ ਜੀ ਪਾਸ ਰਹਿ ਕੇ ਲਿਖਦਾ ਰਿਹਾ ਤੇ
ਫਿਰ ਗੁਰੂ ਜੀ ਦੇ ਦਸਖ਼ਤ ਭੀ ਕਰਾ ਲੈਂਦਾ ਰਿਹਾ, ਤਾਂ ਇਤਨਾ ਵੱਡਾ ਖ਼ਜ਼ਾਨਾ ਕਿਵੇਂ ਬਣ ਗਿਆ? ਕੀ ਇਹ
ਸਾਰੀ ਬਾਣੀ ਗੁਰ-ਬਾਣੀ ਨਹੀਂ ਹੈ? ਜੇ ਨਹੀਂ, ਤਾਂ ਭਾਈ ਬਖ਼ਤਾ ਗੁਰੂ-ਦਰ ਤੇ ਰਹਿ ਕੇ ਹੋਰ ਕਿਥੋਂ ਲਿਖਦਾ
ਰਿਹਾ? ਜੇ ਇਹ ਗੁਰਬਾਣੀ ਹੀ ਹੈ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿਚ ਇਹ
ਸਾਰੀ ਦੀ ਸਾਰੀ ਕਿਉਂ ਨਾ ਲਿਖੀ? ਵਿੱਚੋਂ ਕੁਝ ਛੱਡ ਕਿਉਂ ਦਿੱਤੀ? ਫਿਰ ਇਸ ਭਾਈ ਬਖ਼ਤੇ ਦੇ ਪੁੱਤਰ-ਪੋਤਰੇ
ਹਸਨ-ਅਬਦਾਲ ਵਲੋਂ ਉਚੇਚੇ ਤੁਰ ਕੇ ਅੰਮ੍ਰਿਤਸਰ, ਕੀਰਤਪੁਰ ਤੇ ਆਨੰਦਪੁਰ ਸਿਰਫ਼ ਦਸਖ਼ਤ ਕਰਾਉਣ ਲਈ
ਇਸ ਇਤਨੀ ਵੱਡੀ ਬੀੜ ਕਿਉਂ ਲਿਆਉਂਦੇ ਰਹੇ, ਜਿਸ ਗਿਆਨੀ ਗਿਆਨ ਸਿੰਘ ਜੀ ਦੇ ਲਿਖੇ ਅਨੁਸਾਰ
ਇਕ ਆਦਮੀ ਮਸਾਂ ਚੁੱਕ ਸਕਦਾ ਹੈ?

ਇਸ ਬੀੜ ਬਾਰੇ ਨਵੇਂ ਸ਼ੰਕੇ :

ਅੱਜ-ਕਲ੍ਹ ਇਸ ਬੀੜ ਬਾਰੇ ਜੋ ਲੇਖ ਨਿਕਲੇ ਹਨ, ਉਹ ਗਿਆਨੀ ਜੀ ਦੀ ਲਿਖਤ ਨਾਲੋਂ ਰਤਾ ਫ਼ਰਕ ਰੱਖਦੇ ਹਨ
। ਹੁਣ ਭਾਈ ਬਖ਼ਤਾ ਤੀਜੇ ਪਾਤਿਸ਼ਾਹ ਜੀ ਦਾ ਸਿੱਖ ਦੱਸਿਆ ਜਾ ਰਿਹਾ ਹੈ, ਤੇ ਇਹ ਬੀੜ ਭਾਈ ਪੈਂਧਾ ਸਾਹਿਬ
ਵਾਲੀ ਦੱਸੀ ਜਾ ਰਹੀ ਹੈ । ਸੱਤੇ ਬਲਵੰਡ ਦੀ ਵਾਰ ਵਿਚ ਇਸ ਬੀੜ ਦੇ ਅੰਦਰ ਦਸ ਪਉੜੀਆਂ ਦਰਜ ਹਨ ।
ਅਖ਼ੀਰੀਲੀਆਂ ਦੋ ਪਉੜੀਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਉਸਤਤ ਵਿਚ ਹਨ । ਪਰ ਇੱਥੇ ਇਕ ਹੋਰ
ਉਲਝਣ ਆ ਪਈ । ਗੁਰੂ ਅਰਜਨ ਸਾਹਿਬ ਜੀ ਤੋਂ ਪਿੱਛੋਂ ਬੀੜ ਵਿਚ ਨਵੀਂ ਬਾਣੀ ਦਰਜ ਹੋਣੀ ਬੰਦ ਤਾਂ ਹੋਈ
ਹੀ ਨਹੀਂ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ ਗਈ । ਸੱਤੇ ਬਲਵੰਡ ਵਾਲੀਆਂ ਦੋ
ਪਉੜੀਆਂ ਕਿਉਂ ਦਰਜ ਨਾ ਹੋਈਆਂ? ਜੇ ਗੁਰੂ ਕਾ ਸਿੱਖ ਭਾਈ ਬਖ਼ਤਾ ਕੀਰਤਪੁਰ ਜਾ ਕੇ ਗੁਰੂ ਹਰਿ ਰਾਇ
ਸਾਹਿਬ ਜੀ ਪਾਸੋਂ ਇਹ ਦੋ ਪਉੜੀਆਂ ਲਿਆ ਸਕਦਾ ਸੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ
ਜੀ ਭੀ ਮਿਲ ਸਕਦੀਆਂ ਸਨ । ਜੇ ਪਹਿਲੇ ਪੰਜ ਗੁਰੂ-ਵਿਅਕਤੀਆਂ ਦੀ ਵਡਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ
ਵਿਚ ਦਰਜ ਹੋਣੀ ਗੁਰ-ਆਸ਼ੇ ਅਨੁਸਾਰ ਹੈ ਤਾਂ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਉਪਮਾ ਭੀ
ਗੁਰ-ਆਸ਼ੇ ਅਨੁਸਾਰ ਹੀ ਸੀ ।

View in HindiSearch Page
Displaying Page 1886 of 5994 from Volume 0