Sri Guru Granth Darpan

View in HindiSearch Page
Displaying Page 1914 of 5994 from Volume 0

ਪੰਜਾਬ ਤੋਂ ਬਾਹਰ ਤਾਂ ਭਗਤਾਂ ਦੀ ਬਾਣੀ ਠੀਕ ਰੂਪ ਵਿਚ ਸਾਂਭ ਕੇ ਰੱਖੀ ਹੋਈ ਸੀ ਤੇ ਪੰਜਾਬ ਵਿਚ ਦੇ
ਸ਼ਰਧਾਲੂਆਂ ਤੋਂ ਇਸ ਵਿਚ ਅਦਲਾ-ਬਦਲੀ ਹੋ ਗਈ । ਕੀ ਭਗਤਾਂ ਤੋਂ ਦੂਰ ਪਹਿਲਾਂ ਦੀਆਂ ਲਿਖੀਆਂ ਹੋਈਆਂ
ਰਾਮਾਇਣ ਮਹਾਭਾਰਤ ਆਦਿਕ ਪੁਸਤਕਾਂ ਵਿਚ ਪੰਜਾਬ ਦੇ ਸ਼ਰਧਾਲੂ ਹਿੰਦੂ ਸੱਜਣਾਂ ਨੇ ਅਦਲਾ-ਬਦਲੀ ਕਰ ਲਈ
ਹੋਈ ਹੈ, ਤੇ ਪੰਜਾਬੋਂ ਬਾਹਰ ਉਹ ਚੀਜ਼ਾਂ ਅਸਲੀ ਰੂਪ ਵਿਚ ਹਨ? ਕੀ ਰਾਮਾਇਣ ਵਿਚ ਕੋਈ ਲਫ਼ਜ਼ ਐਸੇ ਨਹੀਂ
ਮਿਲਦੇ ਜੋ ਪੰਜਾਬ ਵਿਚ ਭੀ ਵਰਤੇ ਜਾਂਦੇ ਹੋਣ? ਕੀ ਹਿੰਦੀ ਅਤੇ ਪੰਜਾਬੀ ਬੋਲੀ ਵਿਚ ਕੋਈ ਲਫ਼ਜ਼ ਜਾਂ ਪਦ ਸਾਂਝੇ
ਨਹੀਂ ਹਨ? ਜੇ ਪੰਜਾਬ ਵਿਚ ਆ ਕੇ ਹਿੰਦੀ ਬੋਲੀ ਦੀ ਰਾਮਾਇਣ ਠੀਕ ਆਪਣੇ ਰੂਪ ਵਿਚ ਰਹਿ ਸਕਦੀ ਹੈ, ਜੇ
ਰਾਮਾਇਣ ਵਿਚ ਕਈ ਪੰਜਾਬੀ ਲਫ਼ਜ਼ ਹੁੰਦਿਆਂ ਭੀ ਰਾਮਾਇਣ ਵਿਚ ਕਿਸੇ ਅਦਲਾ-ਬਦਲੀ ਦਾ ਸ਼ੱਕ ਨਹੀਂ ਪੈ
ਸਕਿਆ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੇ ਭਗਤਾਂ ਦੇ ਸ਼ਬਦਾਂ ਬਾਰੇ ਇਹ ਸ਼ੱਕ ਕਿਉਂ ਪਿਆ ਹੈ ਕਿ
ਅਸਲ ਚੀਜ਼ ਤਾਂ ਬਨਾਰਸ ਆਦਿਕ ਵਿਚ ਹੈ ਤੇ ਪੰਜਾਬ ਵਿਚ ਵਟਾਈ ਹੋਈ ਚੀਜ਼ ਆ ਗਈ ਹੈ? ਕੀ ਇਹ ਕਿਤੇ
ਉਹਨਾਂ ਸੱਜਣਾਂ ਦੀ ਕਿਪਾ ਤਾਂ ਨਹੀਂ ਹੈ ਜਿਨ੍ਹਾਂ ਵਰਗਿਆਂ ਨੇ ਗੁਰੂ ਨਾਨਕ ਸਾਹਿਬ ਦੇ ਗਲ ਵਿਚ ਜਨੇਊ ਪੁਆ
ਦਿੱਤਾ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਵੀ ਦੇਵੀ ਦਾ ਉਪਾਸ਼ਕ ਲਿਖ ਦਿੱਤਾ?

ਇਹ ਗੱਲ ਮੰਨੀ-ਪ੍ਰਮੰਨੀ ਹੈ ਕਿ ਭਗਤ ਕਬੀਰ ਜੀ ਤੋਂ ਪਿੱਛੋਂ ਕਬੀਰ-ਪੰਥੀਆਂ ਵਿਚ ਇਕ ਸਾਧੂ ਕਬੀਰ ਦਾਸ
ਹੋਇਆ, ਇਸ ਨੇ ਭੀ ਬਹੁਤ ਕਵਿਤਾ ਲਿਖੀ ਹੈ । ਇਥੋਂ ਤਾਂ ਸਗੋਂ ਇਹ ਸਿੱਧ ਹੁੰਦਾ ਹੈ ਕਿ ਕਬੀਰ ਜੀ ਦੇ
ਆਪਣੇ ਵਤਨ ਵਿਚ ਉਹਨਾਂ ਦੀ ਬਾਣੀ ਵਿਚ ਰਲਾ ਪਾਣ ਦੇ ਯਤਨ ਕੀਤੇ ਗਏ ਸਨ; ਪੰਜਾਬੀ ਸ਼ਰਧਾਲੂਆਂ ਦੀ
ਕੋਈ ਖ਼ਾਸ ਵੱਖਰੀ ਉਕਾਈ ਨਹੀਂ ਸੀ ।

ਅਦਲਾ-ਬਦਲੀ ਪੰਜਾਬ ਵਿਚ ਨਹੀਂ ਹੋ ਸਕੀ

ਅਦਲਾ-ਬਦਲੀ ਹੋਣ ਦਾ ਸਭ ਤੋਂ ਵੱਡਾ ਕਾਰਨ ਇਹੀ ਹੋ ਸਕਦਾ ਹੈ ਕਿ ਸੇਵਕਾਂ ਸ਼ਰਧਾਲੂਆਂ ਨੇ ਕਬੀਰ ਜੀ ਦੀ
ਬਾਣੀ ਜ਼ਬਾਨੀ ਯਾਦ ਕਰ ਰੱਖੀ ਹੋਵੇ, ਲਿਖ ਕੇ ਰੱਖਣ ਦਾ ਕੋਈ ਪ੍ਰਬੰਧ ਨਾ ਹੋ ਸਕਿਆ ਹੋਵੇ । ਪਰ, ਇਹ ਉਹ
ਜ਼ਮਾਨਾ ਨਹੀਂ ਸੀ ਜਦੋਂ ਕਾਗ਼ਜ਼ ਕਲਮ ਦਵਾਤ ਨਾਹ ਮਿਲ ਸਕਦੇ ਹੋਣ; ਇਹ ਅਣਹੋਂਦ ਵੇਦਾਂ ਦੇ ਜ਼ਮਾਨੇ ਵਿਚ
ਸੀ, ਜਦੋਂ ਕਵੀ-ਰਿਸ਼ੀ ਆਪਣੀ ਤੇ ਆਪਣੇ ਬਜ਼ੁਰਗਾਂ ਦੀ ਰਚੀ ਹੋਈ ਕਵਿਤਾ ਜ਼ਬਾਨੀ ਯਾਦ ਰੱਖਦੇ ਸਨ ।
ਮੁਸਲਮਾਨਾਂ ਦੇ ਰਾਜ ਵਿਚ ਤਾਂ ਕਾਗ਼ਜ਼ ਕਲਮ ਦਵਾਤ ਦੀ ਕੋਈ ਥੁੜ ਨਹੀਂ ਸੀ । ਸੋ, ਪੰਜਾਬ-ਵਾਸੀ ਜਿਸ
ਸੇਵਕ ਸ਼ਰਧਾਲੂ ਨੇ ਕਿਸੇ ਭਗਤ ਦੀ ਬਾਣੀ ਲਿਆਂਦੀ ਹੋਵੇਗੀ, ਲਿਖ ਕੇ ਲਿਆਂਦੀ ਹੋਵੇਗੀ, ਤੇ ਨੀਅਤ ਸਾਫ਼
ਹੁੰਦਿਆਂ ਲਿਖ ਕੇ ਰੱਖੀ ਹੋਈ ਕਿਸੇ ਬਾਣੀ ਵਿਚ ਆਪਣੇ-ਆਪ ਅਦਲਾ-ਬਦਲੀ ਨਹੀਂ ਹੋ ਸਕਦੀ ।

ਅਦਲਾ-ਬਦਲੀ ਦੀ ਸੰਭਾਵਨਾ ਕਿੱਥੇ?

ਰਤਾ ਹੋਰ ਗਹੁ ਨਾਲ ਵਿਚਾਰੋ । ਭਗਤਾਂ ਦੀ ਬਾਣੀ ਵਿਚ ਰਲਾ ਪਾਣ ਵਾਲੇ ਜਾਂ ਅਦਲਾ-ਬਦਲੀ ਕਰਨ ਵਾਲੇ
ਕਿਥੋਂ ਦੇ ਲੋਕ ਹੋ ਸਕਦੇ ਸਨ? ਉੱਤਰ ਬਿਲਕੁਲ ਸਪਸ਼ਟ ਹੈ । ਸਿਰਫ਼ ਉਥੋਂ ਦੇ ਲੋਕ ਜਿੱਥੇ ਕਿਸੇ ਭਗਤ ਦੀ
ਬਹੁਤ ਮਸ਼ਹੂਰੀ ਹੋ ਚੁੱਕੀ ਹੋਵੇ, ਜਿੱਥੇ ਉਸ ਦੇ ਖ਼ਿਆਲਾਂ ਦਾ ਆਮ ਪ੍ਰਚਾਰ ਹੋ ਗਿਆ ਹੋਵੇ । ਫਿਰ, ਕੌਣ ਲੋਕ
ਰਲਾ ਪਾਂਦੇ ਹਨ, ਜਾਂ ਅਦਲਾ-ਬਦਲੀ ਕਰਦੇ ਹਨ? ਅਜੇਹੇ ਆਦਮੀ ਦੋ ਕਿਸਮ ਦੇ ਹੋ ਸਕਦੇ ਹਨ; ਇੱਕ, ਉਹ
ਜੋ ਇਹ ਚਾਹੁੰਦੇ ਹੋਣ ਕਿ ਪ੍ਰਸਿੱਧ ਹੋ ਚੁਕੇ ਭਗਤ ਦੀ ਬਾਣੀ ਦੇ ਨਾਲ ਲੋਕ ਅਸਾਡੀ ਕਵਿਤਾ ਭੀ ਆਦਰ ਸਨਮਾਨ
ਨਾਲ ਪੜ੍ਹਨ; ਐਸੇ ਆਦਮੀ ਉਸ ਭਗਤ ਦਾ ਨਾਮ ਵਰਤ ਕੇ ਕਵਿਤਾ ਲਿਖਣ ਲੱਗ ਪੈਂਦੇ ਹਨ । ਦੂਜੇ, ਉਹ
ਲੋਕ ਜੋ ਭਗਤ ਦੇ ਪਰਚਾਰ ਵਿਚ ਗੜ-ਬੜ ਚਾਹੁੰਦੇ ਹੋਣ । ਅਜੇਹੇ ਦੋਹਾਂ ਹੀ ਕਿਸਮਾਂ ਦੇ ਲੋਕ ਗੁਆਂਢੀ ਜਾਂ
ਸ਼ਰੀਕ ਹੀ ਹੋ ਸਕਦੇ ਹਨ । ਗੁਰੂ ਸਾਹਿਬਾਨ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦਾ ਨਾਮ ਵਰਤ ਕੇ ਕਿਨ੍ਹਾਂ
ਲੋਕਾਂ ਨੇ ਕਵਿਤਾ ਰਚਣੀ ਸ਼ੁਰੂ ਕੀਤੀ? ਸਤਿਗੁਰੂ ਜੀ ਦੇ ਵਤਨੀਆਂ ਗੁਆਂਢੀਆਂ ਤੇ ਸ਼ਰੀਕਾਂ । ਸੋ, ਭਗਤਾਂ ਦੀ

View in HindiSearch Page
Displaying Page 1914 of 5994 from Volume 0