Sri Guru Granth Darpan

View in HindiSearch Page
Displaying Page 3666 of 5994 from Volume 0

ਉੱਤਰਅਸੀ ਤਾਂ ਤਦੋਂ ਗੁਰਮੁਖਾਂ ਲੱਭਣ ਵਾਸਤੇ ਘਰੋਂ ਨਿਕਲੇ ਸਾਂ । ਦੁਤਰ ਸਾਗਰ ਤੋਂ ਪਾਰ ਲੰਘਣ
ਲਈ ਗ੍ਰਿਹਸਤ ਤਿਆਗਣ ਦੀ ਲੋੜ ਨਹੀਂ, ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਸਿਮਰਿਆਂ ਵਿਕਾਰਾਂ
ਤੋਂ ਬਚ ਸਕਦਾ ਹੈ ।੧੮।

(੧੯, ੨੦) ਪ੍ਰਸ਼ਨਦੁਨੀਆ ਵਿਚ ਰਹਿ ਕੇ ਮਾਇਆ ਦੇ ਪ੍ਰਭਾਵ ਤੋਂ ਬਚਣਾ ਇਉਂ ਹੀ ਬੜਾ ਔਖਾ ਹੈ ਜਿਵੇਂ
ਕੋਈ ਮਨੁੱਖ ਦੰਦਾਂ ਤੋਂ ਬਿਨਾ ਲੋਹਾ ਚੱਬਣ ਦੀ ਕੋਸ਼ਿਸ਼ ਕਰੇ । ਹੇ ਨਾਨਕ! ਤੂੰ ਆਪਣੀ ਜ਼ਿੰਦਗੀ ਕਿਵੇਂ ਪਲਟ
ਲਈ? ਮਨ ਦੀਆਂ ਆਸਾਂ ਤੇ ਮਨ ਦੇ ਫੁਰਨੇ ਤੂੰ ਕਿਵੇਂ ਮੁਕਾ ਲਏ? ਰੱਬੀ ਪ੍ਰਕਾਸ਼ ਤੈ ਕਿਵੇਂ ਮਿਲ ਪਿਆ?
।੧੯।

ਉੱਤਰਮਾਇਆ ਦੀ ਚੋਟ ਤੋਂ ਬਚਣਾ ਹੈ ਤਾਂ ਲੋਹਾ ਚੱਬਣ ਸਮਾਨ ਬੜਾ ਔਖਾ । ਪਰ ਮੈਂ ਜਿਉਂ ਜਿਉਂ ਗੁਰੂ ਦੀ
ਸਿੱਖਿਆ ਤੇ ਤੁਰਿਆ, ਮੇਰੇ ਮਨ ਦੀ ਭਟਕਣਾ ਮੁਕਦੀ ਗਈ । ਜਿਉਂ ਜਿਉਂ ਮੈ ਪ੍ਰਭੂ ਵਿਚ ਜੁੜਨ ਦਾ ਅਨੰਦ
ਆਇਆ, ਮੇਰਾ ਮਨ ਪਰਚਦਾ ਗਿਆ । ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੇਰੇ ਮਨ ਦੇ ਫੁਰਨੇ ਤੇ ਦੁਨੀਆ
ਵਾਲੀਆਂ ਆਸਾਂ ਮੁਕਦੀਆਂ ਗਈਆਂ । ਮੈ ਰੱਬੀ ਪ੍ਰਕਾਸ਼ ਲੱਭ ਪਿਆ, ਤੇ ਮਾਇਆ ਮੇਰੇ ਨੇੜੇ ਨਾਹ ਢੁਕ ਸਕੀ
। ਇਹ ਸਭ ਪ੍ਰਭੂ ਦੀ ਆਪਣੀ ਮੇਹਰ ਸੀ ।੨੦।

ਨੋਟ :ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦਾ ਇਹ ਸੁਭਾਉ ਹੀ ਬਣ ਗਿਆ ਹੈ ਕਿ ਉਹ ਸ੍ਰਿਸ਼ਟੀ ਦੀ
ਉਤਪੱਤੀ ਬਾਰੇ ਪ੍ਰਸ਼ਨ ਭੀ ਧਰਮ ਵਿਚੋਂ ਹੀ ਹੱਲ ਕਰਨਾ ਚਾਹੁੰਦੇ ਹਨ । ਜੋਗੀਆਂ ਨੇ ਭੀ ਹੁਣ ਗੁਰੂ ਸਾਹਿਬ
ਪਾਸੋਂ ਅਜੇਹੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ।

(੨੧, ੨੨, ੨੩) ਪ੍ਰਸ਼ਨਸ੍ਰਿਸ਼ਟੀ ਦੀ ਉਤਪੱਤੀ ਬਾਰੇ ਤੁਹਾਡਾ ਕੀਹ ਵੀਚਾਰ ਹੈ? ਜਦੋਂ ਜਗਤ ਨਹੀਂ ਹੁੰਦਾ,
ਤਦੋਂ ਨਿਰਗੁਣ-ਰੂਪ ਪ੍ਰਭੂ ਕਿਥੇ ਟਿਕਿਆ ਰਹਿੰਦਾ ਹੈ? ਇਹ ਜੀਵ ਕਿਥੋਂ ਆਉਂਦਾ ਹੈ? ਕਿਥੇ ਚਲਾ ਜਾਂਦਾ ਹੈ?

ਨੋਟ :ਇਹਨਾਂ ਪ੍ਰਸ਼ਨਾਂ ਦੇ ਨਾਲ ਹੋਰ ਸਾਧਾਰਨ ਪ੍ਰਸ਼ਨ ਭੀ ਜੋਗੀਆਂ ਨੇ ਪੁੱਛੇ :ਗਿਆਨ ਪ੍ਰਾਪਤ ਕਰਨ ਦਾ
ਕੀਹ ਸਾਧਨ ਹੈ? ਮੌਤ ਦਾ ਡਰ ਕਿਵੇਂ ਦੂਰ ਹੋ ਸਕਦਾ ਹੈ? ਕਾਮਾਦਿਕ ਵੈਰੀਆਂ ਕਿਵੇਂ ਜਿੱਤੀਦਾ ਹੈ?

ਨੋਟ :ਪਉੜੀ ਨੰ: ੨੧ ਅਤੇ ੨੨ ਵਿਚ ਛੇ ਛੇ ਤੁਕਾਂ ਹਨ । ਦੋਹਾਂ ਪਉੜੀਆਂ ਦੀਆਂ ਪਹਿਲੀਆਂ ਚਾਰ ਚਾਰ
ਤੁਕਾਂ ਵਿਚ ਜੋਗੀਆਂ ਵਲੋਂ ਪ੍ਰਸ਼ਨ ਹਨ, ਤੇ ਅਖ਼ੀਰਲੀਆਂ ਦੋ ਦੋ ਤੁਕਾਂ ਵਿਚ ਸਤਿਗੁਰੂ ਜੀ ਵਲੋਂ ਸਾਧਾਰਨ ਜਿਹਾ
ਉੱਤਰ ਹੈ, ਫਿਰ ਪਉੜੀ ਨੰ: ੨੩ ਵਿਚ ਵਿਸਥਾਰ ਨਾਲ ਉੱਤਰ ਦਿੱਤਾ ਗਿਆ ਹੈ ।

ਉੱਤਰਸ੍ਰਿਸ਼ਟੀ ਦੀ ਉਤਪੱਤੀ ਦੀ ਵੀਚਾਰ ਤਾਂ ਹੈਰਾਨੀ ਹੀ ਹੈਰਾਨੀ ਪੈਦਾ ਕਰਦੀ ਹੈ, ਕੋਈ ਭੀ ਇਸ ਬਾਰੇ
ਕੁਝ ਦੱਸ ਨਹੀਂ ਸਕਦਾ । ਜਦੋਂ ਜਗਤ ਨਹੀਂ ਸੀ ਤਦੋਂ ਪਰਮਾਤਮਾ ਆਪਣੇ ਆਪ ਵਿਚ ਟਿਕਿਆ ਹੋਇਆ ਸੀ
। ਜਗਤ-ਰਚਨਾ ਹੋ ਜਾਣ ਤੇ ਇਹ ਜੀਵ ਪ੍ਰਭੂ ਦੇ ਹੁਕਮ ਵਿਚ ਹੀ ਇਥੇ ਆਉਂਦਾ ਹੈ ਤੇ ਹੁਕਮ ਅਨੁਸਾਰ ਹੀ
ਇਥੋਂ ਤੁਰ ਪੈਂਦਾ ਹੈ ।

ਹੋਰ ਪ੍ਰਸ਼ਨਾਂ ਦੇ ਉੱਤਰਗਿਆਨ ਪ੍ਰਾਪਤ ਕਰਨ ਦਾ ਅਸਲ ਸਾਧਨ ਇਹ ਹੈ ਕਿ ਮਨੁੱਖ ਸਤਿਗੁਰੂ ਦੀ ਸਰਨ
ਪਏ । ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹੀ ਅਦ੍ਰਿਸ਼ਟ ਪ੍ਰਭੂ ਵਿਚ ਲੀਨ ਹੋ ਸਕੀਦਾ ਹੈ, ਕਾਮਾਦਿਕ ਵੈਰੀਆਂ
ਜਿੱਤ ਲਈਦਾ ਹੈ, ਤੇ ਮੌਤ ਦਾ ਡਰ ਪੋਹ ਨਹੀਂ ਸਕਦਾ ।

ਨੋਟ :ਇਸ ਤੋਂ ਅਗਾਂਹ ਪਉੜੀ ਨੰ: ੪੨ ਤਕ ਪ੍ਰਸ਼ਨ-ਉੱਤਰ ਨਹੀਂ ਹਨ । ਸਤਿਗੁਰੂ ਜੀ ਆਪ ਹੀ ਆਪਣੇ
ਮਤ ਦੀ ਵਿਆਖਿਆ ਕਰਦੇ ਹਨ ।

(੨੪) ਗੁਰ-ਸ਼ਬਦ ਦੀ ਬਰਕਤਿ ਨਾਲ ਮਨੁੱਖ ਯਕੀਨ ਬੱਝਦਾ ਹੈ ਕਿ ਇਹ ਸਾਰਾ ਜਗਤ-ਪਸਾਰਾ ਪ੍ਰਭੂ ਨੇ

View in HindiSearch Page
Displaying Page 3666 of 5994 from Volume 0