Sri Guru Granth Darpan

View in HindiSearch Page
Displaying Page 3671 of 5994 from Volume 0

ਇਹ ਸਿਫ਼ਤਿ-ਸਾਲਾਹ ਦਾ ਸ਼ਬਦ ਹੀ, ਪ੍ਰਭੂ ਦਾ ਨਾਮ ਹੀ, ਗੁਰਮੁਖਿ ਦੇ ਸੁਆਸਾਂ ਦਾ ਆਸਰਾ ਹੈ, ਗੁਰਮੁਖਿ
ਸੁਆਸ ਸੁਆਸ ਪ੍ਰਭੂ ਚੇਤੇ ਰੱਖਦਾ ਹੈ । ਗੁਰਮੁਖਿ ਮਨੁੱਖ ਆਪਣੇ ਸਰੂਪ ਦੀ ਸਮਝ ਬਖ਼ਸ਼ਦਾ ਹੈ ।
ਗੁਰਮੁਖਿ ਇਹ ਗਿਆਨ ਹੋ ਜਾਂਦਾ ਹੈ ਕਿ ਪ੍ਰਭੂ ਦਾ ਮਿਲਾਪ ਇੜਾ ਪਿੰਗਲਾ ਸੁਖਮਨਾ ਦੇ ਅੱਭਿਆਸ ਤੋਂ
ਉਤਾਂਹ ਹੈ, ਪ੍ਰਭੂ ਵਿਚ ਤਾਂ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਲੀਨ ਹੋ ਸਕੀਦਾ ਹੈ ।੫੯, ੬੦।

ਨੋਟ :ਪਉੜੀ ਨੰ: ੬੧ ਵਿਚ ਦੋ ਵਾਰੀ ਪ੍ਰਸ਼ਨ ਕੀਤੇ ਹਨ, ਤੇ ਇਸੇ ਵਿਚ ਹੀ ਉੱਤਰ ਭੀ ਦੇ ਦਿੱਤੇ ਹਨ ।
ਪਉੜੀ ਨੰ: ੬੨ ਅਤੇ ੬੩ ਵਿਚ ਉਹਨਾਂ ਉੱਤਰਾਂ ਦਾ ਹੋਰ ਵਿਸਥਾਰ ਹੈ ।

(੬੧, ੬੨, ੬੩) ਪ੍ਰਸ਼ਨਪ੍ਰਾਣਾਂ ਦਾ ਆਸਰਾ ਕੀਹ ਹੈ? ਅਤੇ, ਗਿਆਨ ਦੀ ਪ੍ਰਾਪਤੀ ਦਾ ਕੇਹੜਾ ਸਾਧਨ ਹੈ?

ਉੱਤਰਸਤਿਗੁਰੂ ਦਾ ਸ਼ਬਦ ਹੀ ਗੁਰਮੁਖਿ ਦੇ ਪ੍ਰਾਣਾਂ ਦਾ ਆਸਰਾ ਹੈ ।

ਪ੍ਰਸ਼ਨਉਹ ਕੇਹੜੀ ਮੱਤ ਹੈ ਜਿਸ ਦੀ ਰਾਹੀਂ ਮਨ ਸਦਾ ਟਿਕਿਆ ਰਹਿ ਸਕਦਾ ਹੈ?

ਉੱਤਰਗੁਰੂ ਤੋਂ ਜੋ ਮੱਤ ਮਿਲਦੀ ਹੈ ਉਸ ਨਾਲ ਮਨ ਅਡੋਲ ਹੋ ਜਾਂਦਾ ਹੈ, ਚਾਹੇ ਸੁਖ ਮਿਲੇ ਤੇ ਚਾਹੇ
ਦੁੱਖ ਵਾਪਰੇ ।

ਜਿਸ ਮਨੁੱਖ ਨੇ ਸਤਿਗੁਰੂ ਦੇ ਸ਼ਬਦ ਦਾ ਆਸਰਾ ਨਹੀਂ ਲਿਆ, ਉਹ ਜਤੀ ਬਣ ਕੇ ਭੀ ਕੁਝ ਨਹੀਂ ਖੱਟਦਾ, ਤੇ
ਪ੍ਰਾਣਾਯਾਮ ਵਿਚੋਂ ਭੀ ਉਸ ਕੁਝ ਨਹੀਂ ਲੱਭਦਾ ।

ਗਿਆਨ ਦੀ ਪ੍ਰਾਪਤੀ ਦਾ ਸਾਧਨ ਕੇਵਲ ਗੁਰ-ਸ਼ਬਦ ਹੀ ਹੈ; ਜਿਸ ਇਹ ਦਾਤਿ ਮਿਲਦੀ ਹੈ ਉਸ ਦੀ
ਤਿਸਨਾ-ਅੱਗ ਬੁਝ ਜਾਂਦੀ ਹੈ, ਉਸ ਆਤਮਕ ਸੁਖ ਲੱਭ ਪੈਂਦਾ ਹੈ ।

(੬੪, ੬੫) ਪ੍ਰਸ਼ਨਇਹ ਮਨ ਜੋ ਆਮ ਤੌਰ ਤੇ ਮਾਇਆ ਵਿਚ ਮਸਤਿਆ ਰਹਿੰਦਾ ਹੈ ਕਿਥੇ ਟਿਕਦਾ ਹੈ?
ਇਹ ਪ੍ਰਾਣ ਕਿਥੇ ਟਿਕਦੇ ਹਨ?

ਜਿਸ ਸ਼ਬਦ ਦੀ ਰਾਹੀਂ ਤੁਹਾਡੇ ਮਤ-ਅਨੁਸਾਰ ਮਨ ਦੀ ਭਟਕਣਾ ਮੁਕਦੀ ਹੈ ਉਹ ਸ਼ਬਦ ਕਿਥੇ ਵੱਸਦਾ ਹੈ?

ਉੱਤਰਜਦੋਂ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ ਤਾਂ ਮਨੁੱਖ ਗੁਰੁ ਦੇ ਹੁਕਮ ਵਿਚ ਤੁਰਦਾ ਹੈ ਤੇ ਇਹ ਮਨ ਅਡੋਲ
ਹੋ ਕੇ ਅੰਦਰ ਹੀ ਹਿਰਦੇ ਵਿਚ ਟਿਕ ਜਾਂਦਾ ਹੈ । ਪ੍ਰਾਣਾਂ ਦੀ ਥੰਮ੍ਹੀ ਨਾਭੀ ਹੈ । ਦੁੱਤਰ ਸਾਗਰ ਤੋਂ ਤਾਰਨ ਵਾਲਾ
ਸ਼ਬਦ ਸੁੰਨ ਪ੍ਰਭੂ ਵਿਚ ਟਿਕਦਾ ਹੈ, ਭਾਵ, ਸ਼ਬਦ ਅਤੇ ਪ੍ਰਭੂ ਵਿਚ ਕੋਈ ਭੇਦ ਨਹੀਂ ਹੈ । ਸ਼ਬਦ ਦੀ ਰਾਹੀਂ ਇਹ
ਸਮਝ ਪੈਂਦੀ ਹੈ ਕਿ ਰੱਬੀ ਜੀਵਨ ਦੀ ਰੌ ਹਰ ਥਾਂ ਇੱਕ-ਰਸ ਵਿਆਪਕ ਹੈ ।

(੬੬, ੬੭) ਪ੍ਰਸ਼ਨਜਦੋਂ ਨਾਹ ਇਹ ਹਿਰਦਾ ਸੀ, ਨਾਹ ਇਹ ਸਰੀਰ ਸੀ, ਤਦੋਂ ਮਨ (ਚੇਤਨ ਸੱਤਾ) ਦਾ
ਟਿਕਾਣਾ ਕਿੱਥੇ ਸੀ?

ਜਦੋਂ ਨਾਭੀ ਦਾ ਚੱਕਰ ਹੀ ਨਹੀਂ ਸੀ, ਤਦੋਂ ਸੁਆਸ ਕਿਥੇ ਟਿਕਦੇ ਸਨ?

ਜਦੋਂ ਕੋਈ ਰੂਪ ਰੇਖ ਨਹੀਂ ਸੀ, ਤਦੋਂ ਸ਼ਬਦ ਦਾ ਟਿਕਾਣਾ ਕਿਥੇ ਸੀ?

ਜਦੋਂ ਇਹ ਸਰੀਰ ਨਹੀਂ ਸੀ, ਤਦੋਂ ਮਨ ਪ੍ਰਭੂ ਵਿਚ ਕਿਵੇਂ ਜੁੜਦਾ ਸੀ?

ਉੱਤਰਜਦੋਂ ਹਿਰਦਾ ਤੇ ਸਰੀਰ ਨਹੀਂ ਸਨ, ਤਦੋਂ ਵੈਰਾਗੀ ਮਨ ਨਿਰਗੁਣ ਪ੍ਰਭੂ ਵਿਚ ਲੀਨ ਸੀ ।

ਜਦੋਂ ਨਾਭੀ ਚੱਕਰ ਦੀ ਥੰਮ੍ਹੀ ਨਹੀਂ ਸੀ, ਤਦੋਂ ਪ੍ਰਾਣ ਭੀ ਪ੍ਰਭੂ ਵਿਚ ਹੀ ਟਿਕੇ ਹੋਏ ਸਨ ।

View in HindiSearch Page
Displaying Page 3671 of 5994 from Volume 0